Sonia Sonia (@sonia)
Feb 12th 2019, 5:12 am
43 Views

ਛੋਟੀਆਂ ਬੱਚੀਆਂ ਜਦੋਂ ਛੋਟੇ-ਛੋਟੇ ਨੰਨੇ ਕਦਮਾਂ ਨਾਲ ਭੱਜੀਆਂ ਆਉੱਦੀਆਂ ਹਨ ਤੇ ਦਫਤਰ਼, ਜਾਂ ਕੰਮ ਕਾਜ ਤੋਂ ਥੱਕੇ ਮਾਪਿਆਂ ਦੀਆ ਲੱਤਾਂ ਨੂੰ ਚਿਬੜਦੀਆ ਹਨ ਤਾਂ ਸਾਰੀ ਦੀ ਸਾਰੀ ਦਿਨ ਭਰ ਦੀ ਥਕਾਨ ਦੂਰ ਹੋ ਜਾਦੀ ਹੈ। ਉਨਾਂ ਦੇ ਫੁੱਲਾਂ ਸਮਾਨ ਚੇਹਰਿਆਂ ਨੂੰ ਮੁਸਕਰਾਉੱਦੇ ਤੱਕ ਦੇਖ ਕੇ ਸਾਰੀਆਂ ਚਿੰਤਾਵਾਂ-ਫਿਕਰਾਂ ਉੱਡ-ਪੁੱਡ ਜਾਂਦੀਆਂ ਹਨ। ਅੰਤਾਂ ਦੀ ਖੁਸੀ ਮਿਲਦੀ ਹੈ ਜਦੋਂ ਉਨਾਂ ਦੀ ਘੁੱਟਵੀਂ ਗਲਵਕੜੀ ਨੂੰ ਮਾਨਣ ਦਾ ਮਜਾ ਮਿਲਦਾ ਹੈ, ਜਾਂ ਉਨਾਂ ਦੇ ਨੰਨੇ ਪੈਰਾਂ ਨੂੰ ਮੰਮੀ ਡੈਡੀ ਦੀ ਵੱਡੀ ਜੁੱਤੀ ਪਾ ਕੇ ਚੱਲਣ ਦੀ ਨਕਲ ਕਰਦੇ ਵੇਖੀਦਾ ਹੈ, ਮਨ ਚਾਅ ਨਾਲ ਭਰ ਜਾਂਦਾ ਹੈ, ਜਦੋਂ ਨੰਨੇ ਹੱਥ ਮਾਂ ਵਾਂਗ ਆਟਾ ਗੁੰਨਣ ਦੀ ਨਕਲ ਕਰਦੇ ਦੇਖੀਦੇ ਹਨ।

ਧੀਆਂ ਦਾ ਰੋਲ-ਮਹਾਨਤਾ, ਰਿਸਤੇਦਾਰੀਆਂ, ਇੱਜਤ-ਸਤਿਕਾਰ ਆਦਿ ਪੱਖੋਂ ਹਰ ਪਰਿਵਾਰ, ਸਮਾਜ, ਕੁੰਨਬੇ ਵਿੱਚ ਬੜੀ ਉੱਚੀ-ਸੁੱਚੀ ਜਗਾ ਰੱਖਦਾ ਹੈ। ਧੀਆਂ ਦਾ ਪ੍ਰਮਾਤਮਾਂ ਨੇ ਰੋਲ ਹੀ ਐਸਾ ਬਣਾਇਆ ਹੈ ਕਿ ਇੱਕ ਘਰ ਛੱਡ ਕੇ ਦੂਜੇ ਨੂੰ ਵਸਾਉਣ ਤੇ ਇਕ ਨਵੀਂ ਦੁਨੀਆਂ ਦੀ ਸੁਰੂਆਤ ਕਰਦੀਆਂ ਹਨ। ਜਿੱਥੇ ਦੇ ਲੇਖ ਲਿਖੇ ਹੋਣ ਮਾਲਕ ਨੇ ਉਸ ਬੇਗਾਨੇ ਘਰ,ਪਰਿਵਾਰ,ਵੇਹੜੇ ਨੂੰ ਆਪਣੀ ਸੋਭਾ, ਪਿਆਰ, ਏਕਤਾ ਬਖਸ਼ ਇੱਕ ਨਵੀ ਦੁਨੀਆ, ਇਕ ਨਵਾਂ ਸੰਸਾਰ ਸਿਰਜਦੀਆਂ ਹਨ।

ਧੀਆਂ ਹੀ ਹਨ ਜੋ ਹਰ ਹਾਲ ਸੁੱਖੀ ਹੋਣ ਜਾਂ ਦੁਖੀ ਹਮੇਸਾਂ ਮਾਂ ਤੇ ਪਿਓ ਦੀ ਸੁੱਖ ਹਰ ਸਾਹ ਮੰਗਦੀਆਂ ਹਨ। ਧੀਆਂ ਦੇ ਹੀ ਹਿੱਸੇ ਆਇਆ ਹੈ ਕਿ ਇਹਨਾਂ ਨੂੰ ਧਰੇਕਾਂ ਜਿਹੀਆਂ ਠੰਡੜੀ ਛਾਂ ਹੋਣ ਦਾ ਦਰਜਾ ਦੇ ਕੇ ਵਡਿਆਇਆ ਜਾਂਦਾ ਹੈ। ਧੀਆਂ ਹਰ ਘਰ ਦੀ ਵੇਹੜੇ ਦੀ ਛਾਂ, ਸਾਨ ਤੇ ਮਾਣ ਨੇ, ਏਹਨਾ ਦੇ ਪੈਰਾਂ ਪਿੱਛੇ ਹੀ ਰੱਬ ਹਰ ਘਰ ਸਾਰੀਆਂ ਬਰਕਤਾਂ ਦੀ ਮੇਹਰ ਕਰਦਾ ਹੈ, ਤਾਂ ਹੀ ਤਾਂ ਧੀਆਂ ਰੱਬ ਅੱਗੇ ਵੀ ਵੀਰੇ ਦੀ ਅਰਦਾਸ ਜੋਦੜੀਆਂ ਕਰਦੀਆਂ ਹਨ, ਕਿ

ਇੱਕ ਵੀਰ ਦੇਈਂ ਵੇ ਰੱਬਾ, ਚਿੱਤ ਰੱਖੜੀ ਬੰਨਣ ਨੂੰ ਕਰਦਾ।

ਧੀਆਂ ਹਰ ਪਲ, ਹਰ ਦਿਨ, ਹਰ ਸਾਹ ਪੇਕਿਆਂ ਦੀ ਸੁੱਖ ਮੰਗਦੀਆਂ ਏਹੋ ਕਾਮਨਾ ਕਰਦੀਆਂ ਹਨ ਕਿ ਉਨਾਂ ਨੂੰ ਜਦ ਵੀ ਮਿਲੇ ਪੇਕਿਆਂ ਘਰੋਂ ਸੁੱਖਾਂ ਤੇ ਖੁਸੀਆ ਦੀ ਹੀ ਖਬਰ ਮਿਲੇ। ਜੇ ਕਿਧਰੇ ਕੋਈ ਦੁੱਖ ਦੇ ਪਲ ਜਾਂ ਕੋਈ ਢਿੱਲ ਮੱਠ ਵੀ ਪਤਾ ਲੱਗ ਜਾਵੇ ਤਾਂ ਪਹਿਲੀਆਂ ਵਿੱਚ ਹੀ ਪਹੁੰਚਦੀਆਂ ਹਨ, ਤੇ ਦਿਨ ਤੋਂ ਰਾਤ ਵੀ ਨਹੀ ਹੋਣ ਦਿੰਦੀਆਂ। ਸਹੀ ਹੀ ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਧੀਆਂ ਹਮੇਸਾਂ ਮਾਪਿਆਂ ਦੀ ਖੁਸੀ ਹੀ ਲੋਚਦੀਆਂ ਹਨ। ਸਾਡੇ ਪੰਜਾਬੀ ਗੀਤਾਂ ਦੇ ਕਈ ਮਹਾਨ ਗਾਇਕਾਂ ਨੇ ਆਪਣਿਆਂ ਗੀਤਾਂ ਰਾਹੀਂ ਵੀ ਧੀਆਂ ਦੀ ਮਹਾਨਤਾ ਦਾ ਜਿਕਰ ਕੀਤਾ ਹੈ, ਹੰਸ ਰਾਜ ਹੰਸ ਜੀ ਦੇ ਗੀਤ ਦਾ ਹਵਾਲਾ ਦੇਣਾਂ ਬਣਦਾ ਹੈ, ਜਿਸ ਵਿੱਚ ਉਨਾਂ ਕਿਹਾ ਗਿਆ ਹੈ ਕਿ:-

ਪੁੱਤ ਵੰਡਾਉਣ ਜਮੀਨਾਂ, ਧੀਆਂ ਦੁੱਖ ਵੰਡਾਉਦੀਆਂ ਨੇ।

ਏਸੇ ਤਰਾਂ ਪੰਜਾਬੀ ਮਹਾਨ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਨੇ ਵੀ ਬੜਾ ਉਮਦਾ ਗਾਇਆ ਹੈ:-

ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ।

ਲੋਹੜੀ ਦੇ ਭੁੱਗੇ ਦੀ ਅੱਗੇ ਵਿੱਚ ਆਪਸੀ ਰਿਸ਼ਤਿਆਂ ਵਿੱਚ ਆਈ ਕੁੜੱਤਣ, ਰੋਸੇ-ਈਰਖਾ, ਗੁੱਸੇ-ਗਿਲੇ ਨੂੰ ਜਲਾ ਕੇ ਸਾੜ ਦੇਣਾ ਚਾਹੀਦਾ ਹੈ ਤੇ ਨਵੀਂ ਸੁਰੂਆਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਤੇ ਮੁਹੱਬਤਾਂ ਤੇ ਪਿਆਰਾਂ ਦੀ ਖੁਸ਼ਬੋ ਦੀ ਮਹਿਕ ਖਿਲਾਰਨੀ ਚਾਹੀਦੀ ਹੈ । ਸੋ ਆਓ ਅੱਜ ਨਾਲ ਹੀ ਤਹੱਈਆ ਕਰੀਏ, ਕਿ ਅਸੀਂ ਆਪਣੀਆਂ ਧੀਆਂ-ਰਾਜ ਕੁਮਾਰੀਆਂ ਨੂੰ, ਪੁੱਤਰਾਂ ਵਾਂਗ ਹੀ ਪਾਲੀਏ, ਪਿਆਰ ਕਰੀਏ, ਤੇ ਸਤਿਕਾਰ ਦੇਈਏ, ਉਨਾਂ ਦੀ ਵੀ ਲੋਹੜੀ ਮਨਾਈਏ, ਤੇ ਖੁਸੀਆਂ ਤੇ ਚਾਵਾਂ ਦੇ ਤੋਹਫੇ ਦੇਈਏ, ਤਾਂ ਕਿ ਉਹ ਪੂਰੀ ਖੁੱਲ ਨਾਲ ਜੀ ਸਕਣ, ਪੜ ਲਿਖ ਕੇ ਅੱਗੇ ਵਧ ਸਕਣ, ਸਾਡੇ ਤੇ ਮਾਣ ਕਰਨ ਤੇ ਸਾਡਾ, ਪਰਿਵਾਰ, ਦੇਸ਼-ਕੌਮ ਦਾ ਨਾਮ ਰੌਸ਼ਨ ਕਰਨ।