Sonia Sonia (@sonia)
Jan 10th 2019, 10:17 am
30 Views

ਪਿਤਾ ਕਾਲੂ ਜੀ ਦੇ ਘਰ ਰੱਬ ਪੁੱਤ ਬਣਕੇ ਆ ਗਿਆ ।।
ਮਾਤਾ ਤ੍ਰਿਪਤਾ ਦੀ ਕੁੱਖ ਤਾਈਂ ਭਾਗ ਸੀ ਜੋ ਲਾ ਗਿਆ ।।
ਸਿੱਖਾਂ ਹਿੰਦੂੰਆਂ ਦਾ ਗੁਰੂ ਅਤੇ ਮੋਮਨਾ ਦਾ ਪੀਰ ।।
ਵਿੱਚ ਨਨਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ।। 1 ।।

ਖੁਸ਼ੀਆਂ ਤੇ ਖੇੜਾ ਭਰ ਗਿਆ ਸਭ ਦੀਆਂ ਰੂਹਾਂ ਚ ।।
ਦੇਵਤਿਆਂ ਨੇ ਵੀ ਤੇਲ ਚੋਇਆ ਹੈ ਬਰੂਹਾਂ ਚ ।।
ਆ ਗਿਆ ਹੈ ਰੱਬ ਹੁਣ ਮਿਟੇਗੀ ਭਰਮ ਦੀ ਲਕੀਰ ।।
ਵਿੱਚ ਨਨਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ।। 2 ।।

ਦਾਈ ਦੌਲਤਾਂ ਦੀਦਾਰ ਕਰ ਨਿਹਾਲ ਸੀ ਜੋ ਹੋ ਗਈ ।।
ਕਈ ਜਨਮਾਂ ਦੀ ਕਾਲਖ ਉਹ ਪਲਾਂ ਵਿੱਚ ਧੋ ਗਈ ।।
ਹੋ ਗਿਆ ਉਜਾਲਾ ਜੋ ਸਾਰੀ ਧੁੰਧ ਗਿਆ ਚੀਰ ।।
ਵਿੱਚ ਨਨਕਾਂਣੇ ਦੇ ਆਇਆ ਹੈ ਨਾਨਕੀ ਦਾ ਵੀਰ ।। 3 ।।

ਨਾਨਕ ਦਾ ਤੱਕ ਮੁਖੜਾ ਭੈਂਣ ਨਾਨਕੀ ਪਹਿਚਾਣਿਆ ।।
ਸਮਝਿਆ ਨਾ ਵੀਰ ਕਦੇ ਬਸ ਰੱਬ ਰੂਪ ਜਾਂਣਿਆਂ ।।
ਗੱਲਾਂ ਵੱਡੀਆਂ ਸੀ ਕਰਦਾ ਭਾਵੇਂ ਛੋਟਾ ਸੀ ਸਰੀਰ ।।
ਵਿੱਚ ਨਨਕਾਂਣੇ ਦੇ ਆਇਆ ਹੈ ਨਾਨਕੀ ਦਾ ਵੀਰ ।। 4 ।।

ਵੀਹ ਰੁਪਏ ਪਿਤਾ ਨੇ ਦੇਕੇ ਸੱਚੇ ਸੌਦੇ ਤੋਰਿਆ ।।
ਮੁਕਾਇਆਂ ਨੀਂ ਮੁੱਕਣਾਂ ਜੋ ਧਨ ਬਾ੍ਬੇ ਜੋੜਿਆ ।।
ਬਾਬੇ ਦੇ ਬੋਲ ਚਲਦੇ ਸੀ ਜਿਵੇਂ ਚਲਦੇ ਨੇ ਤੀਰ ।।
ਵਿੱਚ ਨਨਕਾਂਣੇ ਦੇ ਆਇਆ ਹੈ ਨਾਨਕੀ ਦਾ ਵੀਰ ।। 5 ।।

ਰਾਇ ਜੀ ਬੁਲਾਰ ਨੇ ਵੀ ਰੰਗ ਤੱਕਿਆ ਕਰਤਾਰ ਦਾ ।।
ਸੱਪ ਛਾਂ ਕਰਦੇ ਸੀ ਬਾਬਾ ਮੱਝੀਆਂ ਸੀ ਚਾਰਦਾ ।।
ਸਭਨੇ ਕਰਨੇ ਦੀਦਾਰੇ ਕੋਈ ਧਰਦਾ ਨਾ ਧੀਰ ।।
ਵਿੱਚ ਨਨਕਾਣੇਂ ਦੇ ਆਇਆ ਹੈ ਨਾਨਕੀ ਦਾ ਵੀਰ ।। 6 ।।

ਪਾਰ ਸਰੱਹਦੋਂ ਬਾਬਾ ਨਨਕਾਣਾ ਤੇਰਾ ਰਹਿ ਗਿਆ ।।
ਸਹਿਆ ਨਾ ਜਾਵੇ ਐਸਾ ਵਿਛੋੜਾ ਕਾਹਤੋਂ ਪੈ ਗਿਆ ।।
ਗੁਰਭਗਤ ਧਾਂਦਰੇ ਨਨਕਾਂਣੇ ਨੂੰ ਝੁਕਦੇ ਸਭ ਔਲੀਏ ਤੇ ਪੀਰ ।।
ਵਿੱਚ ਨਨਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ।। 7 ।
ਗੁਰਭਗਤ ਸਿੰਘ ਢੀਂਡਸਾ ਧਾਂਦਰਾ (ਧੂਰੀ ਸੰਗਰੂਰ)
Guru Nanak dve ji Gurpurab 

Guru Nanak dve ji Gurpurab