Mr jatt Mr jatt
Feb 3rd 2019, 10:28 pm
8 Views

ਖੇਤੀ ਕੋਈ ਸੌਦਾ ਨਹੀਂ ਹੁੰਦੀ
-ਗੁਰਚਰਨ ਨੂਰਪੁਰ
ਖੇਤੀ ਕੋਈ ਸੌਦਾ ਨਹੀਂ ਹੁੰਦੀ
ਜੋ ਲਾਹੇਵੰਦ ਜਾਂ ਘਾਟੇਵੰਦ ਹੋਵੇ,
ਖੇਤੀ ਤਾਂ ਜਿੰਦਗੀ ਜਿਊਣ ਦਾ ਸਲੀਕਾ ਹੁੰਦੀ ਹੈ,
ਉਹ ਸਲੀਕਾ ਜਿਸ ਰਾਹੀਂ
ਅਸੀਂ ਜਿਊਣ ਦਾ ਢੰਗ ਸਿੱਖਦੇ ਹਾਂ।
ਹਵਾ ਮਿੱਟੀ ਪਾਣੀ ਨਾਲ ਇੱਕਮਿਕ ਹੋ
ਮੌਸਮਾਂ ਨੂੰ ਬਦਲਦੇ ਦੇਖਦਿਆਂ
ਪਸ਼ੂ, ਪੰਛੀਆਂ, ਰੁੱਖਾਂ, ਫੁੱਲਾਂ, ਬੂਟਿਆਂ
ਦੇ ਜੀਵਨ ਨੂੰ ਜਾਣਦਿਆਂ
ਆਪਣੇ ਆਪ ਨੂੰ ਸਮਝਣਾ ਸਿੱਖਦੇ ਹਾਂ।
ਸਾਡੇ ਪੁਰਖਿਆਂ ਨੇ ਜੀਵਨ ਦਾ ਇਹ ਢੰਗ
ਸਦੀਆਂ ਲਾ ਕੇ ਖੋਜਿਆ
ਤੇ ਇਸ ਨੂੰ ਉੱਤਮ ਕਿਹਾ।
ਸਾਡੇ ਬਾਬੇ ਨੇ
ਮਨ ਹਾਲੀ ਕਿਰਸਾਣੀ ਕਰਨੀ
ਸਰਮ ਪਾਣੀ ਤਨ ਖੇਤ।
ਆਖ ਕੁਦਰਤ ਨਾਲ ਸਾਡੇ ਇਸ ਰਿਸ਼ਤੇ ਦੀ ਵਿਆਖਿਆ ਕੀਤੀ
ਪਰ
ਕੁਝ ਕੁ ਵਰ੍ਹੇ ਪਹਿਲਾਂ
ਬਜਾਰ ਨੇ ਸਾਨੂੰ ਕਿਹਾ
‘ਮੇਰੇ ਕੋਲ ਆਓ ਖੇਤੀ ਨੂੰ ਲਾਹੇਵੰਦ ਧੰਦਾ ਬਣਾਓ।‘
ਅਸੀਂ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਤੁਰ ਪਏ।
ਅਸੀਂ ਖੇਤਾਂ ਨਾਲ ਸੌਦਾ ਕਰਨ ਲੱਗ ਪਏ
ਤੇ ਸਾਡੇ ਖੇਤ ਸਾਡੇ ਤੋਂ ਰੁੱਸ ਗਏ
ਪਾਣੀ ਸਾਨੂੰ ਬੇਦਾਵਾ ਦੇ ਗਏ
ਰੁੱਖਾਂ ਤੋਂ ਸਾਡਾ ਮੋਹ ਟੁੱਟ ਗਿਆ
ਪੰਛੀ ਉਦਾਸ ਹੋ ਸਾਥੋਂ ਦੂਰ ਚਲੇ ਗਏ,
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਦਿਆਂ-ਬਣਾਉਦਿਆਂ
ਸਾਨੂੰ ਵਹੀਆਂ, ਬੈਕਾਂ, ਖਾਤਿਆਂ, ਕਰਜਿਆਂ
ਰੇਹਾਂ, ਸਪਰੇਹਾਂ ਦੇ ਮਕੜਜਾਲ ਵਿੱਚ ਫਸਾ
ਬਜਾਰ ਖੁਸ਼ਹਾਲ ਤੇ
ਅਸੀਂ ਕੰਗਾਲ ਹੋ ਗਏ
ਹੁਣ ਖੇਤਾਂ ਵਿੱਚ ਜ਼ਹਿਰੀਲੀ ਫਸਲ ਉੱਗਦੀ
ਅਸੀਂ ਜਹਿਰ ਖਾਂਦੇ, ਜਹਿਰ ਪੀਂਦੇ
ਬਿਮਾਰੀਆਂ ਦੁਸ਼ਵਾਰੀਆਂ ਦੇ ਝੰਬੇ ਫਿਰ ਬਜਾਰ ਵੱਲ ਭੱਜਦੇ
ਹੁਣ ਬਜਾਰ ਸਾਡੀ ਅਜਿਹੀ ਹਾਲਤ ‘ਤੇ ਹੱਸਦਾ
ਕਿਉਂ ਕਿ ਅਸੀਂ ਹੁਣ
ਲਾਹੇਵੰਦ ਧੰਦਿਆਂ ਦੀ ਮਨੋਬਿਰਤੀ ਫਸ
ਗਵਾ ਬੈਠੇ ਹਾਂ ਜਿੰਦਗੀ ਜਿਉਣ ਦਾ ਢੰਗ।
ਕਾਸ਼ ਸਾਨੂੰ ਕੋਈ ਦੱਸਦਾ ਕਿ
ਖੇਤੀ ਕੋਈ ਸੌਦਾ ਨਹੀਂ ਹੁੰਦੀ।

Mr jatt