Jattsingh (@jatt)
Sep 16th 2017, 7:36 am
131 Views

ਸੜਿਆ ਬਲਿਆ ਸਾਵਣ ਆਇਆ,
ਡਾਢ੍ਹਾ ਮਨ ਤਪਾਵਣ ਆਇਆ ।
ਅੱਗ ਬਿਰਹੋਂ ਦੀ ਸੀਨੇ ਮਚੀ ,
ਤੇਲ ਬਲਦੀ ਤੇ ਪਾਵਣ ਆਇਆ ।
ਕਢੀਆਂ ਜਾਨਵਰਾਂ ਨੇ ਜੀਭਾਂ ,
ਪਰਿੰਦਿਆਂ ਨੂੰ ਫ਼ੜਕਾਵਣ ਆਇਆ ।
ਬੇ- ਰਹਿਮੀ ਜਿਸ ਕਰ ਵਿਖਾਈ ,
ਨਾ ਇਹ ਪਿਆਰ ਜਿਤਾਵਣ ਆਇਆ ।

ਮੋਈਆਂ - ਮੋਈਆਂ ਚੀਜ਼- ਵਹੁਟੀਆਂ,
ਸੜ ਬਲ ਕੇ ਉਹ ਮਰ ਗਈਆਂ ਨੇ ।
ਲਾਲ ਜ਼ਰੀ ਦਾ ਪਾ ਕੇ ਸੂਟ .
ਬਲੀ ਸਉਣ ਦੀ ਚੜ੍ਹ ਗਈਆਂ ਨੇ ।

ਪਿੱਪਲ ਰੁੰਡ_ ਮਰੁੰਡੇ ਹੇ ਗਏ ,
ਬੋਹੜਾਂ ਹੇਠ ਨਾ ਬਹਿੰਦੇ ਲੋਕ ।
ਕਿੱਥੇ ਕੁੜੀਆਂ ਪੀਂਘਾਂ ਝੂਟਣ ,
ਇਹ ਗੱਲ ਸਾਰੇ ਕਹਿੰਦੇ ਲੋਕ ।
ਹੁਣ ਤੀਆਂ ਲਗੱਣ ਫ਼ਰਜੀ ਤੀਆਂ,
ਵਿਰਸੇ ਦਾ ਦੁੱਖ ਸਹਿੰਦੇ ਲੋਕ।
ਸਹੁਰਿਉਂ ਕੁੜੀ ਨਾ ਪੇਕੇ ਆਵੇ ,
ਸੋਚਾਂ ਦੇ ਵਿਚ ਰਹਿੰਦੇ ਲੋਕ ।

ਕੀਹ ! ਸਾਵਣ ਤੂੰ ਚੰਨ ਚੜ੍ਹਾਇਆ ,
ਸੱਭਿਆਚਾਰ ਵੀ ਮਾਰ ਮੁਕਾਇਆ ।
ਏਨੀਆਂ ਲਮੀਆਂ ਵਿਥਾਂ ਪਾ ਕੇ ,
ਤੇਰੇ ਹੱਥ ਵੀ ਕੁਝ ਨਾ ਆਇਆ ।

ਸੀ ਤੈਥੋਂ ਚੰਗਾ ਜੇਠ ਤੇ ਹਾੜ ,
ਮਾਹੀਆ ਨਾ ਜਿਸ ਯਾਦ ਕਰਾਇਆ ।
ਸਾਡੇ ਵਿਹੜੇ ਬਹਿ ਕੇ ਕੁੜੀਆਂ ,
ਤੀਆਂ ਦਾ ਕੋਈ ਗੀਤ ਨਾ ਗਾਇਆ।
ਨਾ ਕੁੜੀਆਂ ਨੇ ਕਿੱਕਲੀ ਪਾਈ ,
ਨਾ ਢੋਲਾ ਕੋਈ ਲੈਵਣ ਆਇਆ ।
ਰੀਝਾਂ ਹੋਈਆਂ ਨੇ ਅਧਮੋਈਆਂ ,
ਨਾ ਤੱਤੜੀ ਨੇ ਸੁਰਮਾਂ ਪਾਇਆ ।

ਮ੍ਹਾਲ ਪੂੜੇ ਨਾ ਖਾਦ੍ਹੀ ਖੀਰ ,
ਦਸ ਇਹ ਕਾਹਦਾ ਸਾਵਣ ਹੈ ।
ਇਹ ਰੁੱਤ ਗੁਲਾਬੀ ਗ਼ੁਲਜ਼ਾਰਾਂ ਤੇ ,
ਸਾਵਣ ਬਣ ਗਿਆ ਰਾਵਣ ਹੈ ।
ਚਿੱਪ - ਚਿੱਪ ਕਰਦਾ ਰਹੇ ਪਸੀਨਾ ,
ਆਇਆ ਤਨ ਨੂ ਖਾਵਣ ਹੈ ।
ਹੈ ਚਲਦੀ ਤੱਤੀ 'ਵਾ ਪੁਰੇ ਦੀ ,
ਇਹ ਲਗਾ ਅੱਗ ਲਗਾਵਣ ਹੈ ।

ਮੋਰ ਵੀ ਪੈਲਾਂ ਕਿਥੇ ਪਾਵਣ ,
'ਤੇ ਕਿੱਥੇ ਅੱਜ ਪਪੀਹਾ ਬੋਲੇ ।
ਕੋਇਲ ਦੀ ਨਾ ਕੂ ਕੂ ਸੁਣਦੀ ,
ਉਹ ਕਿਵੇਂ ਦਿਲ ਦੇ ਦੁੱਖੜੇ ਫੋਲੇ ।

,
ਅੱਜ ਮਿੱਠੀ - ਮਿੱਠੀ ਪਾ ਦੇ ਭੂਰ ।
ਤਾਂਘ ਬੜੀ ਹੈ ਦਿਲ ਦੇ ਅੰਦਰ ,
ਪਰ ਢੋਲਣ ਬੈਠਾ ਵਤਨੋਂ ਦੂਰ ।
ਹੁਣ ਤੀਆਂ ਵਰਗੇ ਸੁਪਨੇ ਮੇਰੇ ,
ਤੂੰ ਕਰ ਨਾ ਜਾਵੀਂ ਚਕਨਾ - ਚੂਰ ।
ਜੇ ਵਰ੍ਹਨਾ ਤਾਂ ਰੱਜ ਕੇ ਵਰ੍ਹਜਾ ,
ਨਾ ਤੂੰ ਬਹੁਤਾ ਹੋ ਮਗਰੂਰ ।

"ਸੁਹਲ" ਦੀ ਫ਼ੋਟੋ ਸੀਨੇ ਲਾ ਕੇ,
ਆਪਣਾ ਦਿਲ ਪਰਚਾ ਲਊਂਗੀ ।
ਮੋਬਾਇਲ ਫ਼ੋਨ ਤੇ ਗੱਲਾਂ ਕਰਕੇ ,
ਆਪਣਾ ਡੰਗ ਟਪਾ ਲਊਂਗੀ ।