ਡਰਾਈਵਰ ਸਟੇਟਸ - Driver
Aug 21st 2018, 5:05 am
41 Views
1idle8

ਸਵੇਰੇ ਤਿੰਨ ਕੁ ਵਜੇ ਅਕਾਸ਼ ਚ ਹਲਕਾ ਜਿਹਾ ਚਾਨਣ ਹੁੰਦੈ..!
ਉਦੋਂ ਰੱਬ ਤਾਕੀ ਦਾ ਪਰਦਾ ਹਲਕਾ ਜਿਹਾ ਚੱਕ ਕੇ ..
ਸਾਨੂੰ ਸੜਕਾਂ ਦੇ ਵਣਜਾਰਿਆਂ ਨੂੰ ਤੱਕ ਮੁਸਕਰਾਓਂਦਾ ਹੁੰਦੈ..!
ਫੇਰ ਕੱਲਾ ਕੱਲਾ ਤਾਰਾ ਬੁਝਾਓਂਦਾ ਹੋਇਆ ..ਚੰਨ ਦਾ ਹਿਸਾਬ..
ਨਬੇੜ ਉਹਨੂੰ ਘਰ ਨੂੰ ਤੋਰ ਦਿੰਦੈ..!
ਰੈਸਟ ਏਰੀਏ ਦੇ ਦਰਖੱਤਾਂ ਤੇ ਬੋਲਦੀਆਂ ਜਿਓਣਜੋਗੀਆਂ ਚਿੜੀਆਂ..
ਰੁਆ ਕੇ ਸਵੇਰੇ ਚਾਰ ਵਜੇ ਲਾਈ ..ਕੱਸੀ ਦੇ ਪਾਣੀ ਦੀ ਵਾਰੀ ਚੇਤੇ ਕਰਾ
ਪਿੰਡ ਅੱਪੜਦਾ ਕਰ ਦਿੰਦੀਆਂ ਨੇ..!
ਡੱਬਾਨੁਮਾ ਘਰਾਂ ਦੇ ਬਸ਼ਿੰਦੇ ਜਦ ਰਿਜਕਾਂ ਮਾਰੇ ਸਫਰ ਚ ਅਾ..
ਸੜਕਾਂ ਤੇ ਮੀਲਾਂ ਨਾਪਦੇ ਨੇ...!
ਤਾਂ ਹਰ ਉਸ ਇਨਸਾਨ ਬਾਰੇ ਸੋਚਦੇ ਨੇ ਜੋ ਉਹਨਾਂ ਨਾਲ..
ਕਿਵੇਂ ਨਾ ਕਿਵੇਂ ਜੁੜਿਆ ਹੁੰਦਾ..
ਤਾਹੀਂ ਭੁੱਲਿਆਂ ਵਿਸਰਿਆਂ ਨੂੰ ਫੋਨ ਲਗਦੇ ਨੇ..!
ਊਂ ਸਾਰੇ ਕਹਿੰਦੇ ਨੇ ਕੱਲਾ ਕਰੂਜ਼ ਲਾਕੇ ਸਟੇਰਿੰਗ ਹੀ ਫੜਨਾਂ..!
ਹਾਂ ਬਾਈ ! ਕੱਲਾ ਸਟੇਰਿੰਗ ਹੀ ਤਾਂ ਫੜਦੇ ਹਾਂ..!
ਹਫਤੇ ਦੀਆਂ ਰੋਟੀਆਂ.. ਉਣੀਂਦਿਆਂ ਨੀਂਦਾਂ ਨਾਲ ਜੱਦੋ ਜਹਿਦ..!
ਕੰਡਿਆਂ ਅਾਲਿਆਂ ਨਾਲ ਚੋਰ ਸਿਪਾਹੀ ਖੇਡਦੇ..!
ਟੈਮ ਸਿਰ ਡਲਿਵਰੀਆਂ ਦੀ ਚਿੰਤਾ..!
ਪੰਜ ਦਿਨ ਘਰ ਨਾ.. ਘਰ ਅਾਲਿਆਂ ਦਾ ਮੂੰਹ ਨੀ ਤੱਕਣਾਂ..
ਮੀਲ ਤੋਂ ਮੀਲ ਦੇ ਇੰਤਜ਼ਾਰ ਦਾ ਅਹਿਸਾਸ ਕਿਸਨੂੰ ਅੈ..!
ਦੋ ਦਿਨ ਫੌਜੀਆਂ ਵਾਂਗ ਘਰੇ ਛੁੱਟੀ ਕੱਟ ..
ਫੇਰ ਚਾਲੇ ਪਾ ਦਿੰਨੇਂ ਅਾਂ ..ਸੜਕਾਂ ਦੇ ਵਲੇਵਿਆਂ ਨੂੰ ਨੱਢੀਆਂ ਦੇ
ਲੱਕਾਂ ਦੇ ਉਤਾਰਾਂ ਚੜਾਵਾਂ ਨਾਲ ਮੇਲ਼ਦੇ..!
ਵਾਹਿਗੁਰੂ ਅੱਗੇ ਅਰਦਾਸ ਕਰਦੇ ਹੋਏ ..ਕਿ ਹੇ ਸੱਚਿਆ ਪਾਤਸ਼ਾਹ..!
ਮੇਰੇ ਕਰਕੇ ਕਿਸੇ ਗਊ ਗਰੀਬ ਦਾ ਨੁਕਸਾਨ ਨਾ ਹੋ ਜਾਵੇ..!
ਮੇਹਰ ਕਰੀਂ ਮਾਲਕਾ ਕਹਿਕੇ ਗੇਅਰ ਪਾ ਲਈਦਾ...!
Sarab Pannu